Harpreet Singh Jawanda Winnipeg Realty & Appraisal Co.

Harpreet Singh Jawanda Winnipeg Realty & Appraisal Co. Feel free to contact me at 204-996-0912

Winnipeg real estate has unique characteristics.It won't let you lose anything provided you carefully choose where to invest.I can help you to out to select the area where your portfolio will be safe forever.

ਲਾਲਾ ਸੀਤਾ ਰਾਮ ਕੋਹਲੀ..ਲਾਹੌਰ ਗੌਰਮਿੰਟ ਕਾਲਜ ਦੇ ਇਤਿਹਾਸ ਦੇ ਪ੍ਰੋਫੈਸਰ ਅਤੇ ਪ੍ਰਿੰਸੀਪਲ..!ਹਰੀ ਰਾਮ ਗੁਪਤਾ ਨਾਮ ਦਾ ਵਿਦਿਆਰਥੀ ਆਪਣੇ ਸਹਿਪਾਠੀ...
10/30/2024

ਲਾਲਾ ਸੀਤਾ ਰਾਮ ਕੋਹਲੀ..ਲਾਹੌਰ ਗੌਰਮਿੰਟ ਕਾਲਜ ਦੇ ਇਤਿਹਾਸ ਦੇ ਪ੍ਰੋਫੈਸਰ ਅਤੇ ਪ੍ਰਿੰਸੀਪਲ..!
ਹਰੀ ਰਾਮ ਗੁਪਤਾ ਨਾਮ ਦਾ ਵਿਦਿਆਰਥੀ ਆਪਣੇ ਸਹਿਪਾਠੀ ਭਾਈ ਨਾਹਰ ਸਿੰਘ ਐੱਮ.ਏ ਨਾਲ ਗਿਲਾ ਕਰਦਾ ਆਖਣ ਲੱਗਾ ਕੇ ਲਾਲਾ ਜੀ ਤੇਰੇ ਵੱਲ ਤਵੱਜੋ ਵੱਧ ਦਿੰਦੇ ਤੇ ਮੈਨੂੰ ਨਜਰਅੰਦਾਜ ਕਰਦੇ ਭਲਾ ਇੰਝ ਕਿਓਂ?

ਭਾਈ ਸਾਬ ਆਖਣ ਲੱਗੇ ਕੇ ਲਾਲਾ ਜੀ ਨੂੰ ਸਿੱਖ ਇਤਿਹਾਸ ਨਾਲ ਬਹੁਤ ਪਿਆਰ..ਜੇ ਇਸ ਬਾਬਤ ਕੁਝ ਲਿਖ ਸਕੇਂ ਤਾਂ ਗੱਲ ਬਣ ਸਕਦੀ..!

ਫੇਰ ਗੁਪਤਾ ਜੀ ਨੇ ਸਿੱਖ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ..ਪੰਜ ਭਾਗਾਂ ਵਿਚ ਸ਼ਾਹਕਾਰ ਲਿਖ ਦਿੱਤਾ..ਅੱਜ ਵੀ ਕੀਮਤੀ ਹਵਾਲੇ ਓਥੋਂ ਹੀ ਲਏ ਜਾ ਸਕਦੇ..!

ਹੁਣ ਗੱਲ ਕਰਦੇ ਹਾਂ ਦਿੱਲੀ ਬੈਠੇ ਬੌਸ ਦੀ ਤਵੱਜੋ ਹਾਸਿਲ ਕਰਨ ਲਈ ਅਮਰੀਕਾ ਵਿਚ ਭਾੜੇ ਦੇ ਕਾਤਲ ਲੱਭਦੇ ਨਿਖਿਲ ਗੁਪਤੇ ਦੀ..ਐਸੀ ਕੁੜਿੱਕੀ ਵਿਚ ਫਸਿਆ ਕੇ ਹੁਣ ਨਾ ਘਰ ਦਾ ਰਿਹਾ ਨਾ ਘਾਟ ਦਾ..ਵਕੀਲ ਵੀ ਜੁਆਬ ਦੇ ਗਿਆ ਅਖ਼ੇ ਮੈਨੂੰ ਮੇਰੇ ਕੀਤੇ ਕੰਮ ਦੇ ਪੈਸੇ ਨਹੀਂ ਮਿਲਦੇ ਸੋ ਮੈਂ ਇਸ ਕੇਸ ਵਿਚੋਂ ਬਾਹਰ ਹਾਂ..ਹੁਣ ਨਿਖਿਲ ਗੁਪਤਾ ਕਹਿੰਦਾ ਮੈਨੂੰ ਸਰਕਾਰੀ ਵਕੀਲ ਦੇ ਦਿਓ ਜਿਸਨੂੰ ਹਿੰਦੀ ਆਉਂਦੀ ਹੋਵੇ..!

ਕਿਸੇ ਸਹੀ ਆਖਿਆ..ਇਥੇ ਅਮਲਾਂ ਦੇ ਹੋਣਗੇ ਨਿਬੇੜੇ ਤੇ ਜਾਤ ਕਿਸੇ ਪੁੱਛਣੀ ਨਹੀਂ..
ਹਰਪ੍ਰੀਤ ਸਿੰਘ ਜਵੰਦਾ

ਲੰਘਦੀ ਹੋਈ ਦੇ ਡੱਬੇ ਗਿਣਨੇ ਨਿੱਕੇ ਹੁੰਦੇ ਤੋਂ ਹੀ ਆਦਤ..ਕੱਲ ਫੇਰ ਦਰਸ਼ਨ ਮੇਲੇ ਹੋ ਗਏ..ਪੂਰੇ ਨੱਬੇ..ਪਰ ਐਨ ਵਿਚਕਾਰ ਇੱਕ ਇੰਜਣ ਹੋਰ ਲੱਗਾ ਹੋਇਆ....
10/29/2024

ਲੰਘਦੀ ਹੋਈ ਦੇ ਡੱਬੇ ਗਿਣਨੇ ਨਿੱਕੇ ਹੁੰਦੇ ਤੋਂ ਹੀ ਆਦਤ..ਕੱਲ ਫੇਰ ਦਰਸ਼ਨ ਮੇਲੇ ਹੋ ਗਏ..ਪੂਰੇ ਨੱਬੇ..ਪਰ ਐਨ ਵਿਚਕਾਰ ਇੱਕ ਇੰਜਣ ਹੋਰ ਲੱਗਾ ਹੋਇਆ..ਅਗਲਿਆਂ ਨੂੰ ਅਗਾਂਹ ਧੱਕਣ ਅਤੇ ਪਿਛਲਿਆਂ ਨੂੰ ਖਿੱਚਣ ਦੀ ਜੁੰਮੇਵਾਰੀ..!

ਪਿਤਾ ਜੀ ਵੀ ਅੱਠ ਭੈਣ ਭਰਾਵਾਂ ਚੋਂ ਐਨ ਵਿਚਕਾਰ ਵਾਲੇ ਥਾਂ..ਵਿਚਕਾਰਲੇ ਇੰਜਣ ਵਾਲੀ ਜੁੰਮੇਵਾਰੀ ਨਿਭਾਉਂਦੇ ਹੋਏ..ਇਹ ਜੁੰਮੇਵਾਰੀ ਓਦੋਂ ਹੋਰ ਵੱਧ ਗਈ ਜਦੋਂ ਅੱਗੇ ਲੱਗਾ ਵੱਡਾ ਇੰਜਣ ਯਾਨੀ ਕੇ ਦਾਦੇ ਹੂਰੀ ਜੁਆਬ ਦੇ ਗਏ..!

ਸ਼ਰੀਕ ਤਮਾਸ਼ਬੀਨ ਬਣ ਬੈਠੇ..ਹੁਣ ਵੇਖਦੇ ਆ ਭਲਾ ਕਿੱਦਾਂ ਤੁਰਦੀ ਇਹ ਗੱਡੀ..ਪਰ ਤੁਰੀ ਗਈ..ਰੱਬ ਆਸਰੇ..ਸਿਰੜ ਕਰਕੇ..ਸੜਕਾਂ ਤੇ ਰੋੜੀ ਕੁੱਟੀ..ਸਕੂਲੇ ਪੜਾਇਆ..ਖਾਣ ਜੋਗੇ ਦਾਣੇ ਇਕੱਠੇ ਕੀਤੇ..ਹੋਰ ਵੀ ਕਈ ਪਾਪੜ ਵੇਲੇ..ਪਰ ਜਦੋਂ ਵੇਲ਼ਾ ਆਇਆ ਸਭ ਮੁਖ ਮੋੜ ਗਏ..!
ਓਹਨਾ ਦੀਆਂ ਅਖੀਰ ਤੀਕਰ ਬੱਸ ਇਹੋ ਕਥਾ ਕਹਾਣੀਆਂ..ਬਿਰਤਾਂਤ..ਘਟਨਾ ਕਰਮ..ਪਰ ਮੈਂ ਸਭ ਕੁਝ ਤਰਤੀਬਵਾਰ ਸੁਣਦਾ ਰਿਹਾ..ਠਰੰਮੇ ਸਬਰ ਨਾਲ..ਕਿਓੰਕੇ ਕਿਸੇ ਵੇਲੇ ਅੱਗੇ ਲਗਾ ਅਸਲ ਵਿਚ ਓਦੋਂ ਮੁੱਕ ਜਾਂਦਾ ਜਦੋਂ ਉਸਦੇ ਆਪਣੇ ਹੀ ਉਸਦੀਆਂ ਬਾਤਾਂ ਗੱਲਾਂ ਸੁਣਨੋਂ ਹਟ ਜਾਂਦੇ..!

ਸੋ ਸੁਣ ਲਿਆ ਕਰੋ..ਟਾਈਮ ਕੱਢ ਕੇ..ਘੜੀ ਭੰਨ ਕੇ..ਬੱਕਰੇ ਦੀ ਮਾਂ ਕਦ ਤੀਕਰ ਖੈਰ ਮਨਾਵੇਗੀ..ਇਹ ਵੇਲਾ ਤਾਂ ਹਰੇਕ ਤੇ ਆਉਣਾ ਹੀ ਆਉਣਾ..ਅੰਦਰਲਾ ਗੁਬਾਰ ਨਿੱਕਲ ਜਾਵੇ ਤਾਂ ਮਨ ਹੌਲਾ ਹੋ ਜਾਂਦਾ ਤੇ ਜੇ ਨਾ ਨਿੱਕਲੇ ਤਾਂ ਗੋਲੇ ਬਣਦੇ..ਉਹ ਗੋਲੇ ਜਿਹਨਾਂ ਨੂੰ ਅਜੋਕਾ ਪਦਾਰਥਵਾਦ ਕੈਂਸਰ ਦਾ ਨਾਮ ਦੇ ਦਿਆ ਕਰਦਾ!

ਹਰਪ੍ਰੀਤ ਸਿੰਘ ਜਵੰਦਾ

ਬੀਬੀ ਬਾਹਰਲੇ ਰਾਜ ਤੋਂ ਲੱਗਦੀ ਪਰ ਨਾਨਕ ਸਿੰਘ ਤਾਂ ਇਥੇ ਦਾ ਜੰਮਪਲ ਸੀ..ਯਕੀਨ ਮੰਨਿਓ ਜੇ ਉਸਦੀ ਥਾਂ ਹੁੰਦਾ ਤਾਂ ਸਭ ਤੋਂ ਪਹਿਲੋਂ ਜੁੜੇ ਹੋਏ ਹੱਥ ...
10/24/2024

ਬੀਬੀ ਬਾਹਰਲੇ ਰਾਜ ਤੋਂ ਲੱਗਦੀ ਪਰ ਨਾਨਕ ਸਿੰਘ ਤਾਂ ਇਥੇ ਦਾ ਜੰਮਪਲ ਸੀ..ਯਕੀਨ ਮੰਨਿਓ ਜੇ ਉਸਦੀ ਥਾਂ ਹੁੰਦਾ ਤਾਂ ਸਭ ਤੋਂ ਪਹਿਲੋਂ ਜੁੜੇ ਹੋਏ ਹੱਥ ਖੁਲਵਾਉਂਦਾ..ਫੇਰ ਪੈਰੀ ਗੁਰਗਾਬੀ ਪਵਾ ਕਿਸੇ ਮੁਲਾਜਿਮ ਨੂੰ ਆਖ ਕੁਰਸੀ ਮੰਗਵਾਉਂਦਾ ਤੇ ਫੇਰ ਉਸਦੇ ਬਰੋਬਰ ਹੋ ਕੇ ਆਖਦਾ ਬਾਪੂ ਹੱਥ ਕਿਓਂ ਜੋੜਦਾ..ਤੂੰ ਝੋਨਾ ਬੀਜ ਕੋਈ ਗੁਨਾਹ ਥੋੜੀ ਕੀਤਾ..ਬਾਬੇ ਨਾਨਕ ਦੇ ਸਿਧਾਂਤ ਤੇ ਪਹਿਰਾ ਹੀ ਤਾਂ ਦਿੱਤਾ..ਸਾਉਣ ਭਾਦਰੋਂ ਦੇ ਚੁਮਾਸੇ..ਰਾਤਾਂ ਦੇ ਉਨੀਂਦਰੇ..ਸੱਪ ਸਪੂਲੀ ਅਤੇ ਸੌ ਕਿਸਮ ਦੇ ਕੀਟ ਪਤੰਗ..ਸਾਰਿਆਂ ਦੇ ਡੰਗ ਤਰੋਪੇ ਸਹਿ ਕੇ ਤਾਂ ਇਥੇ ਲਿਆਂਦੀ..ਜੇ ਹਾਕਮਾਂ ਦੀ ਖਰੂਦੀ ਸੋਚ ਨੇ ਫਸਲ ਰੋਲਣ ਦਾ ਮਨ ਬਣਾ ਹੀ ਲਿਆ ਤਾਂ ਆਜਾ ਆਪਾਂ ਦੋਵੇਂ ਕੋਈ ਹੱਲ ਲੱਭਦੇ..!

ਪਰ ਅਫਸੋਸ ਪੰਜ ਸਦੀਆਂ ਪਹਿਲੋਂ ਵਾਲੇ ਬਾਬੇ ਨਾਨਕ ਦੀ ਪੈਰਾਂ ਦੀ ਧੂੜ ਬਣਨਾ ਨਾ ਮੇਰੇ ਵੱਸ ਵਿਚ ਤੇ ਨਾ ਹੀ ਕਿਸੇ ਹੋਰ ਦੁਨਿਆਵੀ ਨਾਨਕ ਵਿਚ..!

ਸਾਨੂੰ ਜੰਗ ਨਵੀਂ ਪੇਸ਼ ਹੋਈ..ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ..

ਦਿੱਲੀ ਦੀ ਰੂਹ ਠੰਡੀ ਹਵਾ ਦੇ ਬੁੱਲਿਆਂ ਨਾਲ ਸ਼ਰਸ਼ਾਰ ਹੁੰਦੀ ਜਦੋਂ ਸਾਮਣੇ ਖਲੋਤਾ ਕੋਈ ਪੰਜਾਬੀ ਕਿਰਸਾਨ ਹੱਕਾਂ ਦੀ ਮੰਗ ਕਰਦਾ ਹੋਵੇ..ਪੰਜ ਸਦੀਆਂ ਦਾ ਵੈਰ..!

ਇਸ ਚਿੱਤਰ ਨੇ ਥਾਣਿਆਂ ਟੋਰਚਰ ਸੈਂਟਰਾਂ ਅੱਗੇ ਹੱਥ ਜੋੜੀ ਖਲੋਤੇ ਕਿੰਨੇ ਸਾਰੇ ਬਾਪ ਦਾਦੇ ਚੇਤੇ ਕਰਵਾ ਦਿੱਤੇ..ਸਾਡਾ ਬੱਚਾ ਛੱਡ ਦੇਵੋ..ਨਜਾਇਜ ਫੜਿਆ..ਫੇਰ ਜਦੋਂ ਭਾਣਾ ਵਰਤ ਗਿਆ ਹੁੰਦਾ ਤਾਂ ਇੰਝ ਹੀ ਜੁੜੇ ਹੋਏ ਹੱਥਾਂ ਨਾਲ..ਘੱਟੋ ਘੱਟ ਉਸਦਾ ਲੀੜਾ ਕੱਪੜਾ ਅਤੇ ਫੁਲ ਹੀ ਦੇ ਦਿਓ..!

ਕਈ ਵੇਰ ਲੱਗਦਾ ਇਹ ਬਾਬੇ ਜੁਗਰਾਜ ਸਿੰਘ ਦੇ ਇਲਾਕੇ ਦਾ ਓਹੀ ਬਾਬਾ ਹੋਵੇ..ਜਿਸਦੇ ਘਰੇ ਰੋਟੀ ਖਾਣ ਆਏ ਪੱਕੀ ਪਕਾਈ ਛੱਡ ਗਏ..ਅਖ਼ੇ ਕਿਸੇ ਮੂੰਹ ਮਾਰ ਦਿੱਤਾ ਤਾਂ ਓਹਨਾ ਤੇਰੀਆਂ ਧੀਆਂ ਚੁੱਕ ਲੈਣੀਆਂ..ਫੇਰ ਅਗਲੇ ਦਿਨ ਜਦੋਂ ਬਟਾਲੇ ਖੜਿਆ ਤਾਂ ਆਖ ਰਿਹਾ ਸੀ..ਆਏ ਜਰੂਰ ਸਨ ਪਰ ਖਾਦੀ ਨਹੀਂ..!

ਕਿੱਧਰ ਗਏ ਉਹ ਕਿਰਦਾਰ..ਉੱਚੀਆਂ ਗੱਲਾਂ..ਉੱਚੇ ਲੋਕ..ਰੋਲ ਦਿੱਤਾ ਸਭ ਕੁਝ..!

ਕਈ ਵੇਰ ਲੱਗਦਾ ਕੈਪਟਨ ਬਾਠ ਅਤੇ ਪੰਥ ਰਤਨ ਦੀ ਸਟੇਜ ਸਾਹਵੇਂ ਹੱਥ ਜੋੜੀ ਖਲੋਤਾ ਹੋਵੇ ਪੰਥ ਦਾ ਓਹੀ ਮਹਾਨ ਢਾਡੀ ਹੋਵੇ ਜਿਸਦੇ ਸ਼ਹੀਦ ਪੁੱਤ ਦੀ ਧੀ ਪੂਹਲੇ ਨੇ ਚੁੱਕ ਲਈ ਸੀ..ਕਾਰਵਾਈ ਕਰਨ ਦੀ ਥਾਂ ਪੰਥ ਰਤਨ ਨੇ ਏਨੀ ਗੱਲ ਆਖ ਸਟੇਜ ਤੇ ਹਾਸਾ ਪਾ ਦਿੱਤਾ ਕੇ ਬਾਠ ਸਾਬ ਵੇਖ ਲਵੋ ਤੁਹਾਡਾ ਯਾਰ ਪੂਹਲਾ ਆਹ ਕੀ ਕਰੀ ਜਾਂਦਾ!

ਕਈ ਵੇਰ ਲੱਗਦਾ ਗੁਰੂ ਘਰ ਦਾ ਗ੍ਰੰਥੀ ਸਿੰਘ ਜਿਸਨੇ ਕਿਸੇ ਸ਼ਹੀਦ ਪੁੱਤ ਦੀ ਅਰਦਾਸ ਕੀਤੀ ਹੋਵੇ ਤੇ ਮਗਰੋਂ ਸਫਾਈਆਂ ਦੇ ਰਿਹਾ ਹੋਵੇ ਦਸਮ ਪਿਤਾ ਵੱਲੋਂ ਬਖਸ਼ੀ ਅਰਦਾਸ ਹੀ ਤਾਂ ਕੀਤੀ..ਜੇ ਗੁਨਾਹ ਹੈ ਤਾਂ ਲੈ ਚੱਲੋ ਜਿਧਰ ਖੜਨਾ..!

ਸਦੀਵੀਂ ਸੱਚ..ਬੰਦੇ ਅੱਗੇ ਬੰਦੇ ਦੇ ਹੱਥ ਮਜਬੂਰੀ ਵੱਸ ਹੀ ਜੁੜਦੇ..ਮਰਦਾ ਕੀ ਨਾ ਕਰਦਾ..ਚੁਫੇਰੇ ਘੁੱਪ ਹਨੇਰਾ ਦਿਸਦਾ ਹੋਵੇ ਤਾਂ ਇਹ ਮਲੋ-ਮੱਲੀ ਜੁੜ ਹੀ ਜਾਂਦੇ..ਕਾਮਰੇਡ ਧਿਰ ਅਰਦਾਸ ਆਸਥਾ ਤੇ ਸਵਾਲ ਚੁੱਕਦੀ ਆਈ..ਹੁਣ ਤੇ ਇੱਕ ਦਰਬਾਰੀ ਗਾਇਕ ਧਿਰ ਵੀ ਨਾਲ ਰਲ ਗਈ..ਅਖ਼ੇ ਧੋਤੀ ਪੋਥੀ ਛੱਡੋ ਦਿਲ ਸਾਫ ਹੋਣਾ ਚਾਹੀਦਾ..ਪਰ ਕਾਇਨਾਤੀ ਸੱਚ..ਬੜੀ ਤਾਕਤ ਹੈ ਇਸ ਪੋਥੀ ਵਿਚ ਅਤੇ ਇਸ ਅਰਦਾਸ ਵਿਚ..ਦੁਨਿਆਵੀ ਅਦਾਲਤਾਂ ਅੱਗੇ ਨੱਕ ਰਗੜਨ ਨਾਲੋਂ ਜੇ ਉਸਦੀ ਅਦਾਲਤ ਵਿਚ ਸੱਚੇ ਮਨੋਂ ਅਰਜੋਈ ਕਰ ਕੇ ਵੇਖ ਲਈ ਜਾਵੇ ਤਾਂ ਕਰਾਮਾਤ ਹੋ ਸਕਦੀ..!
ਜੇ ਮੌਲਵੀ ਪੜਾਏਗਾ ਨਹੀਂ ਤਾਂ ਘੱਟੋ ਘੱਟ ਘਰ ਨੂੰ ਤੇ ਘੱਲੇਗਾ ਹੀ!
ਹਰਪ੍ਰੀਤ ਸਿੰਘ ਜਵੰਦਾ

ਮੁਕੰਮਲ ਸੰਸਾਰ ਸੀ ਉਹ..ਜੰਨਤ ਦਾ ਝਲਕਾਰਾ..ਚੱਲਦੀ ਹੋਈ ਬੰਬੀ..ਪਾਣੀ ਦੀ ਧਾਰ..ਚੁਬੱਚੇ ਅੰਦਰ ਨਹਾਉਂਦੇ ਜਵਾਕ..ਪੱਠੇ ਉਡੀਕਦਾ ਮਾਲ ਡੰਗਰ..ਚੀਰਨੀ ਲ...
10/14/2024

ਮੁਕੰਮਲ ਸੰਸਾਰ ਸੀ ਉਹ..ਜੰਨਤ ਦਾ ਝਲਕਾਰਾ..ਚੱਲਦੀ ਹੋਈ ਬੰਬੀ..ਪਾਣੀ ਦੀ ਧਾਰ..ਚੁਬੱਚੇ ਅੰਦਰ ਨਹਾਉਂਦੇ ਜਵਾਕ..ਪੱਠੇ ਉਡੀਕਦਾ ਮਾਲ ਡੰਗਰ..ਚੀਰਨੀ ਲਾਉਣ ਵਾਲਾ ਪੜਚਾ..ਟੋਕੇ ਦੀ ਗਰਾਰੀ..ਛੁਰੀਆਂ..ਕੁਤਰਨ ਤੋਂ ਪਹਿਲਾਂ ਰੇਤੀ ਨਾਲ ਚੰਗੀ ਤਰਾਂ ਤਿੱਖੀਆਂ ਕਰਨੀਆਂ ਪੈਂਦੀਆਂ..ਕਈ ਵੇਰ ਘੌਲ ਹੋ ਜਾਂਦੀ..ਫੇਰ ਅੱਗੇ ਸੁੱਕੀ ਪਰਾਲੀ ਦੀਆਂ ਲਰਾਂ ਡਿੱਗਣ ਲੱਗਦੀਆਂ..ਨਾ ਕੁਤਰਾ ਹੀ ਚੱਜ ਦਾ ਨਿੱਕਲਦਾ..!

ਟੋਕੇ ਦੀਆਂ ਗਰਾਰੀਆਂ ਤੋਂ ਯਾਦ ਆਇਆ..ਦਰਬਾਰ ਸਾਬ ਲੜਦੇ ਹੋਏ ਸਿੰਘਾਂ ਨੇ ਦੇਸੀ ਜੁਗਾੜ ਬਣਾਇਆ ਸੀ..ਗਰਾਰੀ ਅੰਦਰ ਬਾਰੂਦ ਭਰ ਕੇ..ਫੌਜੀਆਂ ਨੂੰ ਸਮਝ ਨਾ ਆਵੇ..ਆਹ ਕਿਹੜੇ ਕਿਸਮ ਦੀ ਆਫ਼ਤ ਸਿੱਟਦੇ..ਕੱਖ ਨੀ ਛੱਡਦੀ..ਬਟਾਲਾ ਬੰਬ ਆਖਦੇ ਸਨ..ਮਗਰੋਂ ਬਟਾਲੇ ਸ਼ਹਿਰ ਦੇ ਕਿੰਨੇ ਸਾਰੇ ਖਰਾਦੀਏ ਫੌਜ ਨੇ ਚੁੱਕ ਲਏ..ਅਖ਼ੇ ਸਭ ਕੁਝ ਤੁਹਾਡੀ ਖਰਾਦ ਅੰਦਰ ਹੀ ਬਣਿਆ..ਕਦੇ ਬਿਜਲੀ ਗਈ ਹੁੰਦੀ ਤਾਂ ਟੋਕੇ ਨੂੰ ਹੈਂਡਲ ਲਾ ਕੇ ਪੱਠੇ ਹੱਥ ਨਾਲ ਕੁਤਰਨੇ ਪੈਂਦੇ..ਅਕਸਰ ਭਰਵੀਂ ਚੀਰਨੀ ਲੱਗ ਜਾਂਦੀ ਤਾਂ ਪਿਤਾ ਜੀ ਹੱਥ ਪਵਾਉਣ ਅੱਗੇ ਆ ਜਾਂਦੇ..ਮੁੜਕਾ ਇੰਝ ਵਗਦਾ ਜਿੱਦਾਂ ਬਿਨਾ ਲਿੱਪੇ ਕੋਠੇ ਅੰਦਰ ਡਿੱਗਦੀਆਂ ਸਾਉਣ ਭਾਦਰੋਂ ਦੀ ਝੜੀ ਦੀਆਂ ਧਤੀਰੀਆਂ..ਦੁੱਧ ਦਾ ਡੋਲੂ..ਲਾਲਟੈਨ..ਕਿੱਕਰ ਦੀਆਂ ਦਾਤਣਾਂ..ਚੁੱਲੇ ਅੰਦਰੋਂ ਉੱਠਦੇ ਧੂੰਏਂ..ਛੱਤ ਨਾਲ ਬੰਨਿਆ ਦੁੱਧ ਵਾਲਾ ਭਾਂਡਾ..ਡੀਜਲ ਦਾ ਡਰੰਮ..ਟਰੈਕਟਰ ਦੇ ਮਗਰਲੇ ਟਾਇਰ ਨੂੰ ਅੱਧਾ ਭੋਏਂ ਅੰਦਰ ਗੱਡ ਬਣਾਈ ਆਰਜ਼ੀ ਖੁਰਲੀ..ਟਾਇਰ ਦੇ ਅੰਦਰਲੇ ਵੱਡਾਂ ਅੰਦਰ ਪੱਠੇ ਵੜ ਜਾਂਦੇ..ਉਹ ਕੱਢਣੇ ਜਰੂਰੀ ਹੁੰਦੇ ਵਰਨਾ ਗਾਲਾ ਪੈ ਜਾਂਦਾ..!

ਬਿਰਤਾਂਤ ਲਿਖਦਿਆਂ ਨਾਲੋਂ ਨਾਲ ਸੰਨ ਉਣੰਨਵੇਂ ਵਿਚ ਬਣੀ "ਮੜੀ ਦਾ ਦੀਵਾ" ਵੇਖਣ ਦਾ ਸਬੱਬ ਬਣ ਗਿਆ..ਹਰਭਜਨ ਜੱਬਲ..ਰਾਜ ਬੱਬਰ..ਕੰਵਲਜੀਤ..ਪੰਕਜ ਕਪੂਰ..ਕੁਲਭੂਸ਼ਨ ਖਰਬੰਦਾ..ਪ੍ਰੀਕਸ਼ਤ ਸਾਹਨੀ..ਦੀਪਤੀ ਨਾਵਲ ਦੀਆਂ ਝੁੱਮਕੀਆਂ..ਅੱਖੀਆਂ ਦਾ ਕੱਜਲ..ਡੱਬ ਖੜੱਬੇ ਸੂਟ..ਰਾਜ ਬੱਬਰ ਦਾ ਜੂੜਾ ਅਤੇ ਸਿਰ ਦਾ ਪਰਨਾ..ਜਮੀਨਾਂ ਦੀ ਵੰਡ ਵੰਡਾਈ..ਧੋਖੇ ਨਾਲ ਵੱਢ ਦਿੱਤੀ ਟਾਹਲੀ..ਚੜ੍ਹਦੀ ਜਵਾਨੀ ਦੀਆਂ ਝਲਕਾਂ..ਸੰਕੋਚਵੇਂ ਇਸ਼ਕ ਮੁਹੱਬਤਾਂ ਦੇ ਬਿਰਤਾਂਤ..ਰੋਹੀਆਂ ਥਾਣੀ ਲੰਘਦੇ ਬੋਤੇ..ਪੈੜਾਂ ਥੱਲਿਓਂ ਉੱਡਦਾ ਘੱਟਾ ਮਿੱਟੀ..ਬਿਜਲੀ ਦੇ ਖੰਬ ਗੱਡਦੇ ਮੁਲਾਜਿਮ..ਕਣਕ ਕੁਤਰਦਾ ਥਰੈਸ਼ਰ..ਬੋਹਲ਼ਾਂ ਤੋਂ ਹੁੰਦੀ ਲੜਾਈ..ਵਗਦੀ ਨਹਿਰ ਵਿਚੋਂ ਪਾਣੀ ਪੀਂਦਾ ਰਾਜ ਬੱਬਰ..ਅੱਖੀਆਂ ਰਾਹੀਂ ਪ੍ਰਕਟ ਹੁੰਦੇ ਜਜਬਾਤ..ਜੱਗ ਜਾਹਰ ਹੋਣ ਤੇ ਪੈਂਦੇ ਕਲੇਸ਼..ਮੁੜਕੇ ਜੁੜਦੀਆਂ ਪੰਚਾਇਤੀ ਸੱਥਾਂ..ਕਿੰਨੀ ਸੁੱਧ ਪੰਜਾਬੀ ਬੋਲਦੇ ਸਨ ਉਸ ਵੇਲੇ ਦੇ ਕਲਾਕਾਰ..ਜਿਆਦਾਤਰ ਅਜੇ ਵੀ ਜਿਉਂਦੇ..ਪਰ ਕਿਸੇ ਨੇ ਵੀ ਹਾਕਮਾਂ ਦੀ ਸਵੱਲੀ ਨਜਰ ਖਾਤਿਰ ਮਾਂ ਮਾਸੀ ਦਾ ਰੌਲਾ ਨਹੀਂ ਪਾਇਆ..ਮਾਹੌਲ ਵੇਖ ਰੂਹ ਸ਼ਰਸ਼ਾਰ ਹੋ ਗਈ..ਓਸੇ ਸਭ ਕੁਝ ਦੇ ਅੰਦਰ ਹੀ ਤਾਂ ਜਵਾਨ ਹੋਏ ਸਾਂ..!

ਜੇ ਪਤਾ ਹੁੰਦਾ ਸਭ ਕੁਝ ਇੱਕ ਦਿਨ ਇਤਿਹਾਸ ਹੋ ਜਾਣਾ ਤਾਂ ਚੰਗੀ ਤਰਾਂ ਰੂਹਾਂ ਤੇ ਹੰਢਾ ਤਾਂ ਲੈਂਦੇ..ਪੁਲਾਂ ਹੇਠੋਂ ਕੇਰਾਂ ਲੰਘ ਗਏ ਫੇਰ ਕਿਥੇ ਮੁੜਦੇ..ਜੇ ਮੈਂ ਜਾਣਦੀ ਜੱਗੇ ਮਰ ਜਾਣਾ..ਇੱਕ ਦੇ ਮੈਂ ਦੋ ਜੰਮਦੀ..!
ਹਰਪ੍ਰੀਤ ਸਿੰਘ ਜਵੰਦਾ

ਮਾਸੀ ਇਹਸਾਨ ਜਿਤਾਇਆ ਕਰਦੀ ਕੇ ਜਦੋਂ ਮੈਂ ਜਨਮੀਂ ਤਾਂ ਮਾਂ ਦੇ ਕਿੰਨੀ ਦੇਰ ਦੁੱਧ ਹੀ ਨਹੀਂ ਸੀ ਉੱਤਰਿਆ..ਓਪਰਾ ਮੈਨੂੰ ਮਨਜੂਰ ਨਹੀਂ ਸੀ..ਸੋ ਮੈਨੂੰ...
10/12/2024

ਮਾਸੀ ਇਹਸਾਨ ਜਿਤਾਇਆ ਕਰਦੀ ਕੇ ਜਦੋਂ ਮੈਂ ਜਨਮੀਂ ਤਾਂ ਮਾਂ ਦੇ ਕਿੰਨੀ ਦੇਰ ਦੁੱਧ ਹੀ ਨਹੀਂ ਸੀ ਉੱਤਰਿਆ..ਓਪਰਾ ਮੈਨੂੰ ਮਨਜੂਰ ਨਹੀਂ ਸੀ..ਸੋ ਮੈਨੂੰ ਚੁੱਪ ਕਰਾਉਣ ਲਈ ਕਿੰਨੀ ਵੇਰ ਉਸਨੇ ਆਪਣਾ ਦੁੱਧ ਚੁੰਘਾਇਆ ਸੀ..!

ਮੈਨੂੰ ਮਾਸੀ ਚੰਗੀ ਲੱਗਦੀ ਪਰ ਉਸ ਵੱਲੋਂ ਪਰਾ ਵਿਚ ਜਿਤਾਇਆ ਇਹ ਇਹਸਾਨ ਬਿਲਕੁਲ ਵੀ ਨਹੀਂ!

ਵੱਡੀ ਹੋਈ ਤਾਂ ਨਾਨੇ ਜੀ ਨੇ ਇੱਕ ਨਵੀਂ ਜਨਮੀਂ ਕੱਟੀ ਮੇਰੇ ਪੇਟੇ ਪਾ ਦਿੱਤੀ..ਆਖਣ ਲੱਗੇ ਪਹਿਲੇ ਸੂਏ ਮਗਰੋਂ ਤੁਹਾਡੇ ਘੱਲ ਦੇਣੀ..ਰੱਜ ਰੱਜ ਦੁੱਧ ਪੀਵਿਓ..!

ਮੈਂ ਜਦੋਂ ਵੀ ਨਾਨਕੇ ਜਾਂਦੀ ਉਸ ਦੀ ਬੜੀ ਸੇਵਾ ਕਰਦੀ..ਚੋਰੀ-ਚੋਰੀ ਖਲ ਪਾਉਂਦੀ..ਗੁੜ ਚਟਾਉਂਦੀ..ਉਹ ਵੀ ਮੈਨੂੰ ਵੇਖ ਅੜਿੰਗਣ ਲੱਗਦੀ..ਡਾਹਢਾ ਮੋਹ ਪੈ ਗਿਆ!

ਇੱਕ ਦਿਨ ਨਾਨੇ ਜੀ ਦਾ ਸੁਨੇਹਾ ਆ ਗਿਆ..ਮਾਂ ਰੋਂਦੀ ਖਪਦੀ ਗਈ..ਮੈਂ ਵੀ ਨਾਲ..ਅੱਪੜਦਿਆਂ ਹੀ ਮੇਰਾ ਧਿਆਨ ਸੁੰਞੇ ਪਏ ਕਿੱਲੇ ਤੇ ਗਿਆ ਤਾਂ ਘਬਰਾਹਟ ਹੋਈ..ਨੱਸੀ ਨੱਸੀ ਹਵੇਲੀ ਗਈ..ਓਥੇ ਵੀ ਨਹੀਂ ਸੀ..ਪਤਾ ਲੱਗਾ ਦਿਨ ਪੂਰੇ ਹੋਣ ਨੂੰ ਅਜੇ ਹਫਤਾ ਬਾਕੀ ਸੀ ਕੇ ਮਾਸੀ ਲੈ ਗਈ..ਅਖ਼ੇ ਮੇਰਾ ਲਵੇਰੇ ਭੱਜ ਗਿਆ..ਨਾਨਾ ਜੀ ਨਾਂਹ ਨਾ ਕਰ ਸਕਿਆ!

ਮਾਮੇ ਸਫਾਈਆਂ ਦਿੱਤੀਆਂ ਕੇ ਅਹੁ ਸੂਣ ਵਾਲੀ ਏ ਉਹ ਤੈਨੂੰ ਦੇ ਦਿਆਂਗੇ..ਪਰ ਮੈਂ ਰੋਣੋ ਨਾ ਹਟਾਂ..ਲੋਕਾਂ ਭਾਣੇ ਨਾਨੇ ਕਰਕੇ ਰੋਂਦੀ ਏ..ਪਰ ਮੈਨੂੰ ਨਾਨੇ ਦੇ ਨਾਲ ਨਾਲ ਰਹਿ ਰਹਿ ਕੇ ਕਿਲੇ ਤੇ ਬੱਝੀ ਚੇਤੇ ਆ ਰਹੀ ਸੀ..!

ਅਖੀਰ ਮੇਰੀ ਮਾਂ ਨੇ ਏਨੀ ਗੱਲ ਆਖ ਕਲਾਵੇ ਵਿਚ ਲੈ ਲਿਆ ਕੇ ਨਿੱਕੀ ਹੁੰਦੀ ਤੂੰ ਵੀ ਤੇ ਉਸਦਾ ਕਿੰਨੀ ਵੇਰ ਚੁੰਘਿਆ ਸੀ..ਤਾਂ ਕੀ ਹੋਇਆ ਜੇ ਉਹ ਲੈ ਗਈ..ਸਮਝ ਲੈ ਓਸੇ ਦਾ ਮੁੱਲ ਵੱਟ ਲਿਆ..!

ਅੱਜ ਏਨੇ ਵਰ੍ਹਿਆਂ ਬਾਅਦ ਨਾਨਕੇ ਗਈ ਤਾਂ ਕਿੰਨੇ ਸਾਰੇ ਖਾਲੀ ਕਿੱਲੇ ਅਤੇ ਖੁਰਲੀਆਂ ਵੇਖ ਉਂਝ ਹੀ ਧੂਹ ਪਈ ਜਿੱਦਾਂ ਕਦੇ ਨਾਨੇ ਜੀ ਦੇ ਜਾਣ ਮਗਰੋਂ ਪਈ ਸੀ..!

ਜੀਵਨ ਸ਼ੈਲੀ ਤੇ ਸ਼ੁਕੀਨੀ ਜੂ ਭਾਰੂ ਹੋ ਗਈ..ਲਵੇਰੇ ਦਾ ਰਿਵਾਜ ਬਹੁਤ ਹੀ ਘਟ ਗਿਆ..ਲੋਕ ਮੁੱਲ ਲੈਣ ਵਿਚ ਜਿਆਦਾ ਟੇਕ ਰੱਖਣ ਲੱਗ ਪਏ..!

ਮੁਨਸ਼ੀ ਪ੍ਰੇਮ ਚੰਦ ਲਿਖਦਾ ਕੇ ਜਿਸ ਦਿਨ ਕਿਸਾਨ ਦੇ ਪੁੱਤ ਨੂੰ ਗੋਹੇ ਵਿਚੋਂ ਮੁਸ਼ਕ ਆਉਣਾ ਸ਼ੁਰੂ ਹੋ ਗਿਆ ਸਮਝ ਲਿਓ ਅਕਾਲ ਪੈਣ ਵਾਲਾ ਏ!
ਹਰਪ੍ਰੀਤ ਸਿੰਘ ਜਵੰਦਾ

ਰੂਹ ਦੀਆਂ ਗਹਿਰਾਈਆਂ ਤੀਕਰ ਚੰਗਾ ਇਨਸਾਨ ਰਵਾਨਗੀ ਪਾ ਗਿਆ..ਸਾਰੀ ਹਯਾਤੀ ਸੰਘਰਸ਼ ਕੀਤਾ..ਬੇਅੰਤ ਦੌਲਤ ਕਮਾਈ..ਮੁਹੱਬਤ ਵੀ ਕੀਤੀ..ਘਾਟੇ ਵਾਲੇ ਸੌਦਿਆ...
10/10/2024

ਰੂਹ ਦੀਆਂ ਗਹਿਰਾਈਆਂ ਤੀਕਰ ਚੰਗਾ ਇਨਸਾਨ ਰਵਾਨਗੀ ਪਾ ਗਿਆ..ਸਾਰੀ ਹਯਾਤੀ ਸੰਘਰਸ਼ ਕੀਤਾ..ਬੇਅੰਤ ਦੌਲਤ ਕਮਾਈ..ਮੁਹੱਬਤ ਵੀ ਕੀਤੀ..ਘਾਟੇ ਵਾਲੇ ਸੌਦਿਆਂ ਨੂੰ ਵਾਧੇ ਵਾਲੇ ਪਾਸੇ ਨੂੰ ਤੋਰਿਆ!

ਆਲਸ ਦਲਿੱਦਰ ਤੋਂ ਬਗੈਰ ਇੱਕ ਲੰਮੀ ਜਿੰਦਗੀ..ਹੱਥੀਂ ਮਿਹਨਤ ਵਾਲੇ ਅਸੂਲ ਅਮਲਾਂ ਤੇ ਪਹਿਰਾ ਦਿੱਤਾ..ਕੋਈ ਸ਼ੋਰਟ-ਕੱਟ ਨਹੀਂ..ਜਾਨਵਰਾਂ ਨਾਲ ਵੀ ਬੇਅੰਤ ਮੋਹ ਪਿਆਰ ਕੀਤਾ..ਕਾਰੋਬਾਰੀ ਦੁਨੀਆਂ ਵਿਚ ਹਮਦਰਦੀ ਤਰਸ ਮਿੱਤਰਤਾ ਅਤੇ ਅਪਣੱਤ ਵਾਲੀ ਇੱਕ ਵੱਖਰੀ ਪੈੜ ਪਾਈ..ਅੰਬਾਨੀਆਂ ਵਾਂਙ ਮਰੂੰ-ਮਰੂੰ ਨਹੀਂ ਕੀਤਾ..ਨਾ ਹੀ ਕਿਸੇ ਖਾਸ ਪਾਰਟੀ ਦੀ ਮੁੱਠੀ-ਚਾਪੀ ਹੀ ਕੀਤੀ..ਖੁੱਲੇ ਹੱਥੀਂ ਦਾਨ ਕੀਤਾ..ਸਾਦਾ ਜੀਵਨ..ਦੌਲਤ ਸ਼ੋਹਰਤ ਦੀ ਭੱਦੀ ਨੁਮਾਇਸ਼ ਤੋਂ ਕੋਹਾਂ ਦੂਰ..ਸਭ ਕੁਝ ਆਪੇ ਆਪ ਹੀ ਜੁੜਦਾ ਗਿਆ..ਬੇਅੰਤ ਚੈਲੇਂਜ ਚੁਣੌਤੀਆਂ ਕੁਬੂਲੀਆਂ..ਰਿਸ੍ਕ ਖਤਰੇ ਬਿਖੜੇ ਪੈਂਡੇ ਮੁੱਲ ਲਏ..ਵਿਲੱਖਣ ਕਾਰੋਬਾਰੀ ਪਲੈਨ ਬਣਾਏ..ਫੇਰ ਓਹਨਾ ਨੂੰ ਅਮਲੀ ਰੂਪ ਵੀ ਦਿੱਤਾ..ਫੇਰ ਆਪੇ ਸਿੱਧੀਆਂ ਪੈਂਦੀਆਂ ਰਹੀਆਂ..!

ਉਮਰ ਦੇ ਛਿਆਸੀ ਸਾਲ..ਅਖੀਰ ਨੂੰ ਮਗਰ ਰਹਿ ਗਿਆਂ ਲਈ ਕੁਝ ਸੁਨੇਹੇ ਛੱਡ ਗਿਆ..ਬੰਦਾ ਭਾਵੇਂ ਜਿੰਨੀਆਂ ਮਰਜੀ ਛੜਾਂ ਮਾਰ ਲਵੇ..ਖੇਡ ਬੱਸ ਏਨੀ ਕੂ ਹੀ ਹੁੰਦੀ ਏ..ਖਾਲੀ ਹੱਥੀਂ ਆਮਦ ਅਤੇ ਖਾਲੀ ਹੱਥੀਂ ਰਵਾਨਗੀ..ਵਿੱਚ ਵਿਚਾਲੇ ਦੇ ਰੰਗ ਤਮਾਸ਼ਿਆਂ ਵਿਚ ਬੰਦਾ ਚਾਹੇ ਲਾਹਨਤਾਂ ਖੱਟ ਲਵੇ ਤੇ ਭਾਵੇਂ ਦੁਆਵਾਂ..ਗੁਰਬਾਣੀ ਦੇ ਆਸ਼ੇ ਮੁਤਾਬਿਕ ਖੱਟੀਆਂ ਹੋਈਆਂ ਦੁਆਵਾਂ ਦਾ ਅਗਲੇ ਜਹਾਨ ਲਾਹਾ ਜਰੂਰ ਮਿਲਦਾ..!

ਸਾਡੇ ਵਰਗੀਆਂ ਕਰੋੜਾਂ ਅਰਬਾਂ ਧਰਤੀਆਂ..ਤਾਰੇ ਮੰਡਲ ਹੋਰ..ਓਥੇ ਵੱਸਦਾ ਜੀਵਨ..ਸਾਡੀ ਕਲਪਨਾ ਤੋਂ ਬਹੁਤ ਪਰੇ ਦੀਆਂ ਗੱਲਾਂ..ਅਸੀਂ ਕਿਣਕੇ ਮਾਤਰ ਧਰਤੀ ਦੇ ਕਿਣਕੇ ਮਾਤਰ ਖਿਡਾਰੀ..ਈਗੋ ਹੰਕਾਰ ਨਾਲ ਭਰੇ ਹੋਏ..ਅਖੀਰ ਤੀਕਰ ਹਕੀਕਤ ਸਮਝ ਨਹੀਂ ਆਉਂਦੀ..!
ਜੱਗ ਜਿਉਂਦਿਆਂ ਦੇ ਮੇਲੇ..ਪਰ ਲਾਲਚੀ ਇਥੇ ਸਦੀਵੀ ਡੇਰੇ ਲਾ ਲੈਣ ਬਾਰੇ ਹੀ ਸੋਚਦਾ ਰਹਿੰਦਾ..ਕਿਓੰਕੇ ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ..ਅਖੀਰ ਨੂੰ ਆਪ ਮੋਏ ਜੱਗ ਪਰਲੋ..!
ਸਦਾ ਨਾ ਬਾਗੀਂ ਬੁਲਬੁਲ ਬੋਲੇ..ਸਦਾ ਨਾ ਮੌਜ ਬਹਾਰਾਂ..ਸਦਾ ਨਾ ਹੁਸਨ ਜਵਾਨੀ ਮਾਪੇ..ਸਦਾ ਨਾ ਸੋਹਬਤ ਯਾਰਾਂ!

ਦੋਸਤੋ ਇੱਕ ਚੰਗਾ ਇਨਸਾਨ ਬਹੁਤ ਹੀ ਸਸਤਾ ਹੁੰਦਾ..ਦੋ ਮਿੱਠੇ ਬੋਲ ਬੋਲੋ ਤੇ ਭਾਵੇਂ ਸਾਰੇ ਦੇ ਸਾਰੇ ਨੂੰ ਹੀ ਮੁੱਲ ਖਰੀਦ ਲਵੋ..ਅਸਲ ਜਿੰਦਗੀ ਦੇ ਰਤਨ ਨੂੰ ਨਿੱਕੇ ਬੱਚੇ ਵਾਲੀ ਟਾਟਾ..ਅਤੇ ਦਿਲੋਂ ਖਰਾਜ-ਏ-ਅਕੀਦਤ!

ਹਰਪ੍ਰੀਤ ਸਿੰਘ ਜਵੰਦਾ

ਆਪਣੇ ਇੱਕ ਪੰਜਾਬੀ ਵੀਰ ਨੂੰ ਕੰਨਾਂ ਤੋਂ ਨਹੀਂ ਸੁਣਦਾ..ਪਹਿਲੋਂ ਟਰੱਕ ਚਲਾਉਂਦਾ ਸੀ..ਪੁੱਛਣ ਤੇ ਦੱਸਣ ਲੱਗਾ ਕੇ ਕੇਰਾਂ ਤਾਮਿਲਨਾਡੂ ਵੱਲ ਕਿਸੇ ਟਰੱ...
10/10/2024

ਆਪਣੇ ਇੱਕ ਪੰਜਾਬੀ ਵੀਰ ਨੂੰ ਕੰਨਾਂ ਤੋਂ ਨਹੀਂ ਸੁਣਦਾ..ਪਹਿਲੋਂ ਟਰੱਕ ਚਲਾਉਂਦਾ ਸੀ..ਪੁੱਛਣ ਤੇ ਦੱਸਣ ਲੱਗਾ ਕੇ ਕੇਰਾਂ ਤਾਮਿਲਨਾਡੂ ਵੱਲ ਕਿਸੇ ਟਰੱਕ ਹੇਠ ਆ ਕੇ ਬੰਦਾ ਮਰ ਗਿਆ..ਇਸਨੇ ਘਟਨਾਕ੍ਰਮ ਦੇਖਣ ਖਾਤਰ ਸਭੋਂਕੀ ਆਪਣਾ ਟਰੱਕ ਓਥੇ ਕੋਲ ਖਲਿਆਰ ਲਿਆ..ਇਕੱਠੇ ਹੋ ਗਏ ਤਾਮਿਲਾਂ ਨੇਂ ਲਫੇੜੇ ਹੀ ਐਨੇ ਕੁ ਧਰੇ ਕੇ ਕੰਨਾਂ ਦੇ ਪਰਦੇ ਪਾਟ ਗਏ..ਇਸਨੇ ਮਾਸੀ ਭਾਸ਼ਾ ਵਿਚ ਬਥੇਰੀ ਦੁਹਾਈ ਦਿੱਤੀ ਵਈ ਹਮਾਰੀ ਬਾਤ ਤੋ ਸੁਨੋ..ਪਰ ਓਹਨਾ ਨੂੰ ਮਾਸੀ ਭਾਸ਼ਾ ਸਮਝ ਹੀ ਆਈ..ਅਖੀਰ ਕਿਸੇ ਤੀਜੇ ਨੇ ਮੁਸ਼ਕਲ ਨਾਲ ਸਮਝਾਇਆ ਕਿ ਇਸਦਾ ਤੇ ਟਰੱਕ ਹੀ ਹੋਰ ਏ ਇਹ ਤਾਂ ਹਮਾਤੜ ਬਾਅਦ ਚ ਰੁਕਿਆ..!

ਅੱਜ ਤੀਕਰ ਵੀ ਬੋਲਾ ਹੀ ਫਿਰਦਾ ਆ..!
Garry Dhillon

ਨਿੱਕੀ ਜਿਹੀ ਉਹ ਕੁੜੀ ਬੂਹੇ ਦੇ ਉੱਤੇ ਤੰਗ ਜਿਹੇ ਬਨੇਰੇ ਤੇ ਚੜ ਸਾਰਾ-ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਤੱਕਦੀ ਰਹਿੰਦੀ..!ਫੇਰ ਜਦੋਂ ਵੀ ਕੋਈ ਮਕਾ...
10/07/2024

ਨਿੱਕੀ ਜਿਹੀ ਉਹ ਕੁੜੀ ਬੂਹੇ ਦੇ ਉੱਤੇ ਤੰਗ ਜਿਹੇ ਬਨੇਰੇ ਤੇ ਚੜ ਸਾਰਾ-ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਤੱਕਦੀ ਰਹਿੰਦੀ..!
ਫੇਰ ਜਦੋਂ ਵੀ ਕੋਈ ਮਕਾਣ ਆਉਂਦੀ ਦਿਸਦੀ ਤਾਂ ਛੇਤੀ ਨਾਲ ਹੇਠਾਂ ਉੱਤਰ ਦੋਹਰੀ ਕੁੰਡੀ ਲਾ ਆਪ ਬੂਹਾ ਮੱਲ ਅੱਗੇ ਖਲੋ ਜਾਇਆ ਕਰਦੀ..!

ਉਹ ਝੁੰਡ ਬੂਹਾ ਖੜਕਾਉਂਦਾ..ਅਵਾਜਾਂ ਦਿੰਦਾ ਪਰ ਇਹ ਟਸ ਤੋਂ ਮਸ ਨਾ ਹੁੰਦੀ!

ਫੇਰ ਕਿਸੇ ਸਿਆਣੇ ਨੂੰ ਉਸਨੂੰ ਜਬਰਦਸਤੀ ਪਰੇ ਹਟਾ ਆਪ ਖੋਲ੍ਹਣਾ ਪੈਂਦਾ..ਮਗਰੋਂ ਖੁੱਲੇ ਵੇਹੜੇ ਵਿੱਚ ਰੋਣ ਧੋਣ ਅਤੇ ਪਿੱਟ ਪਿਟਾਈ ਦਾ ਨਾ ਮੁੱਕਣ ਵਾਲਾ ਸਿਲਸਿਲਾ ਸ਼ੁਰੂ ਹੋ ਜਾਂਦਾ..!
ਮੁੱਕ ਗਏ ਘਰ ਵਾਲੇ ਨੂੰ ਯਾਦ ਕਰਦੀ ਉਸਦੀ ਮਾਂ ਫੇਰ ਕਿੰਨਾ ਚਿਰ ਬੇਸੁੱਧ ਪਈ ਰਹਿੰਦੀ..!

ਢੁੱਕੀ ਮਕਾਣ ਵਾਸਤੇ ਲੰਗਰ ਪੱਕਦਾ..ਹੋਰ ਵੀ ਕਿੰਨੀਆਂ ਖੇਚਲਾਂ ਅਤੇ ਰਸਮੋਂ ਰਿਵਾਜ..ਮਕਾਣ ਜਾਣ ਮਗਰੋਂ ਉਹ ਬੇਸੁੱਧ ਪਈ ਮਾਂ ਵਾਸਤੇ ਪਾਣੀ ਲਿਆਉਂਦੀ..ਉਸਦੇ ਹੱਥ
ਪੈਰ ਘੁੱਟਦੀ..ਕਦੀ ਮੱਥਾ..ਹੋਰ ਵੀ ਕਿੰਨੇ ਸਾਰੇ ਅਹੁੜ-ਪੌੜ..ਜਦੋਂ ਮਾਂ ਥੋੜਾ ਹੋਸ਼ ਕਰਦੀ ਤਾਂ ਇੱਕ ਵਾਰ ਫੇਰ ਰਾਖੀ ਕਰਨ ਬਾਹਰ ਬਨੇਰੇ ਉੱਤੇ ਆਣ ਚੜ੍ਹਦੀ..!
ਇੱਕ ਦਿਨ ਦੁਪਹਿਰ ਵੇਲੇ ਥੋੜੀ ਬਹੁਤ ਰੋਟੀ ਖਾ ਕੇ ਮਾਂ ਦੀ ਅਜੇ ਅੱਖ ਲੱਗੀ ਹੀ ਸੀ ਕੇ ਬੂਹੇ ਤੇ ਫੇਰ ਦਸਤਕ ਹੋਈ..ਲਾਗਲੇ ਪਿੰਡੋਂ ਔਰਤਾਂ ਦਾ ਇੱਕ ਵੱਡਾ ਝੁੰਡ ਸੀ..!
ਅੱਜ ਉਸਨੇ ਹੇਠਾਂ ਉੱਤਰ ਖੁਦ ਆਪ ਕੁੰਡੀ ਖੋਲੀ..ਫੇਰ ਐਨ ਵਿਚਕਾਰ ਖਲੋ ਕੇ ਆਖਣ ਲੱਗੀ..ਤੁਸੀਂ ਫੇਰ ਕਦੇ ਆਇਓ..ਮੇਰੀ ਮਾਂ ਦੀ ਹੁਣੇ ਹੁਣੇ ਹੀ ਅੱਖ ਲੱਗੀ..ਨਾਲੇ ਉਸਨੂੰ ਬੁਖਾਰ ਵੀ ਹੈ..!
ਇੱਕ ਔਰਤ ਨੇ ਜ਼ੋਰ ਲਾ ਕੇ ਉਸਨੂੰ ਪਰੇ ਹਟਾਉਣਾ ਚਾਹਿਆ ਪਰ ਉਹ ਪੂਰਾ ਜ਼ੋਰ ਲਾ ਕੇ ਚੀਕਣ ਲੱਗੀ..ਅਖੀਰ ਸਾਰੀਆਂ ਨੂੰ ਬਿਨਾ ਰੋਣ ਧੋਣ ਦੇ ਵਾਪਿਸ ਪਰਤਣਾ ਪਿਆ..ਵਾਪਿਸ ਤੁਰੀਆਂ ਜਾਂਦੀਆਂ ਨਿੱਕੀ ਜਿਹੀ ਨੂੰ ਸੁਣਾ ਕੇ ਗੱਲਾਂ ਕਰ ਰਹੀਆਂ ਸਨ.."ਕਿੰਨੀਂ ਮੂੰਹ ਫੱਟ ਏ..ਕੁਲਹਿਣੀ ਵੀ..ਪਿਓ ਨੂੰ ਖਾ ਗਈ..ਇਸਦੇ ਲਈ ਹੀ ਤਾਂ ਬਾਹਰ ਮੋੜ ਤੋਂ ਸਮੋਸੇ ਲੈਣ ਗਿਆ ਟਰੈਕਟਰ ਹੇਠ ਆ ਗਿਆ ਸੀ..ਡੈਣ ਨਾ ਹੋਵੇ ਕਿਸੇ ਥਾਂ ਦੀ..ਬੰਦੇ ਖਾਣੀ"

ਬੂਹੇ ਨੂੰ ਦੋਹਰੀ ਕੁੰਡੀ ਲਾ ਕੇ ਵਾਪਿਸ ਪਰਤਦੀ ਹੋਈ ਦੇ ਚੇਹਰੇ ਤੇ ਅੱਜ ਤਸੱਲੀ ਸੰਤੁਸ਼ਟੀ ਦੇ ਵੱਡੇ ਭਾਵ ਸਨ..ਖੇਡਣ ਮੱਲਣ ਦੀ ਉਮਰ ਵਿਚ ਮਿਲ ਗਏ ਕਿੰਨੇ ਸਾਰੇ ਵੱਡੇ ਵੱਡੇ ਖਿਤਾਬ ਭਾਵੇਂ ਉਸਦੀ ਸਮਝ ਵਿਚ ਪੂਰੀ ਤਰਾਂ ਤਾਂ ਨਹੀਂ ਸਨ ਆਏ ਪਰ ਕਿੰਨੇ ਦਿਨਾਂ ਮਗਰੋਂ ਅੱਜ ਪਹਿਲੀ ਵੇਰ ਗੂੜੀ ਨੀਂਦਰ ਸੁੱਤੀ ਪਈ ਮਾਂ ਦੀਆਂ ਗੱਲਾਂ ਨੂੰ ਵਾਰ ਵਾਰ ਚੁੰਮਿਆ ਜਰੂਰ..ਹਲਕੇ ਜਿਹੇ ਕਲਾਵੇ ਵਿੱਚ ਵੀ ਲਿਆ..!
ਅੱਜ ਪਹਿਲੀ ਵੇਰ ਉਸਨੇ ਆਪਣੀ ਜਨਮ ਦਾਤੀ ਨੂੰ ਦੁਖਾਂ ਦੇ ਨਾ ਮੁੱਕਣ ਵਾਲੇ ਸਮੁੰਦਰ ਵਿਚ ਪੈਣੋਂ ਜੂ ਬਚਾ ਲਿਆ ਸੀ!

ਹਰਪ੍ਰੀਤ ਸਿੰਘ ਜਵੰਦਾ

ਬੇਰਿੰਗ ਕਾਲਜ..ਫਾਈਨਲ ਵਿਚ..ਪੇਪਰਾਂ ਤੋਂ ਪਹਿਲਾਂ ਕੋਈ ਜਰੂਰੀ ਅਨਾਊਂਸਮੈਂਟ ਕਰਨੀ ਸੀ..ਸਾਇੰਸ ਕਾਮਰਸ ਅਤੇ ਆਰਟਸ ਵਾਲੇ ਸਾਰੇ ਇਕੱਠੇ ਕਰ ਲਏ..ਮੇਰੇ...
10/06/2024

ਬੇਰਿੰਗ ਕਾਲਜ..ਫਾਈਨਲ ਵਿਚ..ਪੇਪਰਾਂ ਤੋਂ ਪਹਿਲਾਂ ਕੋਈ ਜਰੂਰੀ ਅਨਾਊਂਸਮੈਂਟ ਕਰਨੀ ਸੀ..ਸਾਇੰਸ ਕਾਮਰਸ ਅਤੇ ਆਰਟਸ ਵਾਲੇ ਸਾਰੇ ਇਕੱਠੇ ਕਰ ਲਏ..ਮੇਰੇ ਨਾਲ ਬੈਠਾ ਦਸਤਾਰ ਵਾਲਾ ਚੋਬਰ ਮੈਥੋਂ ਚਾਰ ਜਮਾਤਾਂ ਪਿੱਛੇ ਸੀ..ਲਗਾਤਾਰ ਸਾਡੇ ਵੱਲ ਵੇਖੀ ਜਾ ਰਿਹਾ..ਪ੍ਰਿੰਸੀਪਲ ਕੇ.ਐੱਨ ਥੋਮਸ ਨੇ ਇੱਕ ਦੋ ਵੇਰ ਆਖਿਆ ਵੀ ਕੇ ਸਿੱਧਾ ਵੇਖ..ਪਰ ਕੋਈ ਅਸਰ ਨੀ..!

ਬੈਠਿਆਂ ਵਿੱਚ ਜਿਆਦਾਤਰ ਸਾਡੇ ਪਿੰਡ ਵੱਲ ਦੇ..ਸ਼ਾਹਬਾਦ ਸੰਗਤਪੁਰਾ..ਬਹਾਦੁਰ ਸੈਨ..ਮਸਾਣੀਆਂ..ਕਰਮ ਸਿੰਘ ਤਤਲਾ..ਕਦ ਛੋਟਾ ਪਰ ਗੋਲੀ ਵਾਂਙ ਨੱਸਿਆ ਕਰਦਾ..ਕੁਝ ਕਾਦੀਆਂ ਤੋਂ..ਇੱਕ ਦੋ ਹਰਚੋਵਾਲ ਤੋਂ ਵੀ ਪਰੇ ਵੱਲ ਦੇ..ਇੱਕ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਪਿੰਡ ਚੀਮਾਂ ਖੁੱਡੀ ਤੋਂ..ਸਾਨੂੰ ਕਈ ਗੱਲਾਂ ਦੱਸਿਆ ਕਰਦਾ..ਕੱਲ ਬਾਬਾ ਵੇਖਿਆ..ਡ੍ਰੇਨ ਪਾਰ ਸਾਡੀ ਬੰਬੀ ਲਾਗੇ ਬੈਠ ਗੰਨੇ ਚੂਪ ਕੇ ਗਏ..ਓਹਨਾ ਦੇ ਜਥੇ ਵਿਚ ਇੱਕ ਬਾਮਣਾਂ ਦਾ ਮੁੰਡਾ ਵੀ..ਇੱਕ ਸਾਡੇ ਨਾਲ ਵੀ ਸੀ ਬਾਮਣਾਂ ਦਾ ਮੁੰਡਾ..ਸਾਡਾ ਪੱਕਾ ਯਾਰ..ਫਤਹਿਗੜ ਚੂੜੀਆਂ ਵੱਲੋਂ ਆਉਂਦਾ..ਅਸੀਂ ਸ਼ਰਾਧਾਂ ਵੇਲੇ ਮਖੌਲ ਕਰਨੇ..ਮਾਣਕ ਦਾ ਗੀਤ ਗਾ ਦੇਣਾ.."ਦੂਰ ਰਹੀਏ ਬਾਮਣ ਦੇ ਪੁੱਤ ਤੋਂ..ਜਦੋਂ ਉੱਤਰੇ ਹੋਣ ਸ਼ਰਾਧ ਓਏ"..ਆਪਣੇ ਤੋਂ ਵੱਡਿਆਂ ਨਾਲ ਵਾਕਫ਼ੀ ਦੋਸਤੀ ਵਧਾਉਣੀ ਉਸ ਉਮਰ ਦਾ ਸ਼ੌਕ..ਪ੍ਰਿੰਸੀਪਲ ਥਾਮਸ ਦਾ ਮੁੰਡਾ ਜੋਜੋ ਥੋਮਸ ਵੀ ਓਥੇ ਬੈਠਾ ਏ..ਪੜਨ ਵਿਚ ਕਾਫੀ ਹੋਸ਼ਿਆਰ..ਅਸੀਂ ਦਰਮਿਆਨੇ ਘਰਾਂ ਤੋਂ..!

ਅੰਮ੍ਰਿਤਸਰੋਂ ਆਉਂਦਾ ਪ੍ਰੋਫੈਸਰ ਸਵਤੰਤਰ ਕੁਮਾਰ ਸਹਿਗਲ..ਬੱਸੋਂ ਉੱਤਰਦੇ ਨੂੰ ਕਈ ਵੇਰ ਸਾਈਕਲ ਮਗਰ ਬਿਠਾ ਲੈਣਾ..ਨੰਬਰਾਂ ਵੇਲੇ ਰਿਆਇਤ ਕਰੇਗਾ ਪਰ ਅਕਸਰ ਹੀ ਆਖ ਦਿੰਦਾ ਤੁਸੀਂ ਲੋਕ ਪਿੰਡਾਂ ਵੱਲੋਂ ਆਉਂਦੇ ਓ..ਅਕਾਊਂਟ ਫਾਇਨਾਂਸ ਤੁਹਾਡੇ ਵੱਸ ਦੀ ਗੱਲ ਨਹੀਂ..ਫੇਰ ਅਸੀ ਚਾਰਾਂ ਪੰਜਾਂ ਨੇ ਸਲਾਹ ਕੀਤੀ..ਬਿਨਾ ਫੇਲ ਹੋਇਆਂ ਇਥੋਂ ਪਾਸ ਆਊਟ ਹੋਣਾ..ਫੇਰ ਹੋਏ ਵੀ..!

ਓਦੋਂ ਬਾਅਦ ਵੱਡੇ ਵੱਡੇ ਸਫ਼ਰ ਤਹਿ ਕੀਤੇ..ਇੱਕ ਦੋ ਵੇਰ ਉਤਲੇ ਦਵਾਰ ਹੋ ਕੇ ਵੀ ਮੁੜੇ..ਭਵਿੱਖ ਬਾਰੇ ਅਕਸਰ ਚਿੰਤਤ ਹੋ ਜਾਂਦੇ..ਜਿੰਦਗੀ ਦਾ ਮਕਸਦ ਏਨਾ ਸਪਸ਼ਟ ਨਹੀਂ ਸੀ..ਅੱਗਿਓਂ ਕਿੱਧਰ ਜਾਣਾ..ਕੀ ਕਰਨਾ..ਅਗਲੇਰੀ ਜਿੰਦਗੀ ਦੇ ਸਫ਼ਰ ਵਿਚ ਮੁਹਾਰਾਂ ਕਿੱਧਰ ਨੂੰ ਮੁੜ ਜਾਣੀਆਂ..ਪਰ ਤੁਰੇ ਰਹੇ..ਹੌਲੀ ਹੌਲੀ..ਕਈਆਂ ਮਖੌਲ ਕੀਤੇ..!

ਨਿਤਿਸ਼ ਮੋਹਨ ਸ਼ਰਮਾਂ..ਸਕੂਲ ਵੇਲੇ ਤੋਂ ਨਾਲ ਪੜਿਆ..ਫੇਰ ਮੈਡੀਕਲ ਕਾਲਜ ਅਮ੍ਰਿਤਸਰ..ਮੁੜਕੇ ਦਿਮਾਗੀ ਰੋਗਾਂ ਦਾ ਮਾਹਿਰ ਬਣ ਅਰਬਨ ਇਸਟੇਟ ਕਲੀਨਿਕ ਖੋਲ ਲਿਆ..ਸਾਥੋਂ ਬਹੁਤ ਅੱਗੇ ਨਿੱਕਲ ਗਿਆ ਲੱਗਿਆ..ਅਸੀਂ ਖੁਦ ਨੂੰ ਬਹੁਤ ਪੱਛੜ ਗਏ ਸਮਝਿਆ ਕਰੀਏ..ਪਰ ਤਾਂ ਵੀ ਹੌਲੀ ਹੌਲੀ ਤੁਰੇ ਰਹੇ..ਆਪਣੀ ਤੋਰੇ..ਕੱਛੂਕੰਮੇ ਅਤੇ ਸਹੇ ਦੀ ਦੌੜ ਵਾਂਙ..ਖਲੋਤੇ ਨਹੀਂ..ਪਤਾ ਸੀ ਵਗਣੋਂ ਰੁਕ ਗਏ ਤਾਂ ਖਲੋਤੇ ਪਾਣੀਂ ਵਾਂਙ ਮੁਸ਼ਕ ਮਾਰਨ ਲੱਗ ਜਾਣਾ..ਓਹੀ ਡਾਕਟਰ ਨਿਤੇਸ਼ ਸ਼ਰਮਾ ਪਿਛਲੇ ਸਾਲ ਪੂਰਾ ਹੋ ਗਿਆ..ਕੋਈ ਦਿਮਾਗੀ ਬਿਮਾਰੀ ਸੀ..ਤੇ ਜਾਂ ਫੇਰ ਕੋਈ ਘਰੇਲੂ ਟੈਨਸ਼ਨ..ਦੁੱਖ ਹੋਇਆ..ਸ਼ਾਸ਼ਤਰੀ ਨਗਰ ਕ੍ਰਿਕਟ ਖੇਡਦੇ ਹੁੰਦੇ ਸਾਂ..ਹੋਰ ਵੀ ਕਿੰਨੇ ਸਾਰੇ..ਕੁਝ ਬਾਰੇ ਪਤਾ..ਇੱਕ ਹੋਰ ਸੁਰਿੰਦਰ ਸਿੰਘ ਪਦਮ..ਸਿੰਬਲ ਮੁਹੱਲੇ ਤੋਂ..ਇਕਾਨਵੇਂ ਵਿਚ ਛੋਟਾ ਥਾਣੇਦਾਰ ਭਰਤੀ ਹੋਇਆ..ਹੁਣ ਐੱਸ ਪੀ ਹੈ..ਕੇਰਾਂ ਸੰਪਰਕ ਸਾਧਿਆ ਪਰ ਪਛਾਨਣ ਤੋਂ ਇਨਕਾਰ ਕਰ ਦਿੱਤਾ..ਇੱਕ ਹੋਰ ਪ੍ਰਿਥੀਪਾਲ ਸਿੰਘ ਹੁਣ ਸ਼ਾਇਦ ਪੁਲਸ ਦਾ ਵੱਡਾ ਅਫਸਰ..ਰਛਪਾਲ ਸਿੰਘ ਬਾਜਵਾ..ਬੇਰਿੰਗ ਕਾਲਜ ਦੀ ਗਰਾਉਂਡ ਵਿਚ ਇਕੱਠੇ ਖੇਡਦੇ ਸਾਂ..ਬਟਾਲੇ ਦਾ ਐੱਸ ਐੱਸ ਪੀ ਵੀ ਰਿਹਾ..ਪਰ ਮੁਲਾਕਾਤ ਨਹੀਂ ਹੋਈ..ਹੋਰ ਵੀ ਕਿੰਨੇ ਸਾਰੇ..ਕਦੇ ਕਦੇ ਯਾਦ ਆ ਜਾਂਦੇ..ਪਰ ਵਰਤਮਾਨ ਸਟੇਟਸ ਨਹੀਂ ਪਤਾ..ਰੱਬ ਕਰੇ ਜਿਉਂਦੇ ਜਾਗਦੇ ਹੋਣ..ਯਾਦਾਂ ਦੀ ਪਟਾਰੀ ਵਿਚ ਸਾਂਹਬੇ ਪਏ..!

ਪਰ ਇੱਕ ਤੱਤ ਕੱਢਿਆ..ਕੋਸ਼ਿਸ਼ ਜਰੂਰ ਕਰੋ..ਮਿਲਣ ਦੀ..ਜੱਗ ਜਿਉਂਦਿਆਂ ਦੇ ਮੇਲੇ..ਪਰ ਜੇ ਕੋਈ ਅੱਗਿਓਂ ਬੂਹਾ ਭੇੜ ਲਵੇ ਤਾਂ ਦੁਆ ਅਸੀਸ ਦੇ ਕੇ ਵਾਪਿਸ ਮੁੜ ਆਵੋ..ਹੋ ਸਕਦੇ ਅਗਲਾ ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰ ਮਾਰ ਪੀ ਰਿਹਾ ਹੋਵੇ..!

ਏਨੀ ਸੇਵਾ ਪ੍ਰਵਾਨ ਹੋਵੇ..ਬਾਕੀ ਕਦੇ ਫੇਰ..!
ਹਰਪ੍ਰੀਤ ਸਿੰਘ ਜਵੰਦਾ

ਉਹ ਹਰ ਅਉਂਦੇ ਜਾਂਦੇ ਤੇ ਭੌਂਕੀ ਜਾ ਰਹੀ ਸੀ..ਮੇਰੇ ਤੇ ਵੀ ਭੌਂਕੀ..ਮੈਂ ਹਟਵਾੰ ਸਾਈਕਲ ਖਲਿਆਰ ਲਿਆ..ਉਹ ਦੋ ਕਦਮ ਪਿੱਛੇ ਨੂੰ ਹਟ ਗਈ..ਹੁਣ ਉਸਦਾ ਭ...
09/29/2024

ਉਹ ਹਰ ਅਉਂਦੇ ਜਾਂਦੇ ਤੇ ਭੌਂਕੀ ਜਾ ਰਹੀ ਸੀ..ਮੇਰੇ ਤੇ ਵੀ ਭੌਂਕੀ..ਮੈਂ ਹਟਵਾੰ ਸਾਈਕਲ ਖਲਿਆਰ ਲਿਆ..ਉਹ ਦੋ ਕਦਮ ਪਿੱਛੇ ਨੂੰ ਹਟ ਗਈ..ਹੁਣ ਉਸਦਾ ਭੌਂਕਣਾ ਸਿਰਫ ਮੇਰੇ ਤੇ ਹੀ ਕੇਂਦਰਿਤ ਹੋ ਗਿਆ..!
ਮੈਂ ਪੋਲੇ ਕਦਮੀਂ ਉਸਦੇ ਕੋਲ ਗਿਆ..ਕੋਲ ਇੱਕ ਕਤੂਰਾ ਚੌਫਾਲ ਲੰਮਾ ਪਿਆ..ਬਿਨਾ ਸਾਹ ਸੱਤ ਦੇ..ਸ਼ਾਇਦ ਕੋਈ ਵਾਹਨ ਟੱਕਰ ਮਾਰ ਗਿਆ ਸੀ..!

ਮੈਂ ਹੈਂਡਲ ਤੇ ਟੰਗੇ ਡੱਬੇ ਵਿੱਚੋਂ ਇੱਕ ਰੋਟੀ ਕੱਢੀ..ਗੋਡਿਆਂ ਭਾਰ ਹੋ ਕੇ ਉਸ ਵੱਲ ਨੂੰ ਕੀਤੀ..!
ਉਸਦੇ ਸਖਤ ਤੇਵਰ ਅਤੇ ਖੜੇ ਕੰਨ ਥੋੜੇ ਨਰਮ ਪੈ ਗਏ..ਪਰ ਅੱਖੀਆਂ ਵਿੱਚੋਂ ਨੀਰ ਅਜੇ ਵੀ ਉਂਝ ਹੀ ਵਹਿ ਰਿਹਾ ਸੀ..ਮੈਂ ਅਛੋਪਲੇ ਜਿਹੇ ਸਿਰ ਤੇ ਹੱਥ ਫੇਰਿਆ..ਫੇਰ ਕੋਲ ਪਈ ਪੁੱਤ ਦੀ ਲਾਸ਼ ਨੂੰ ਟੋਹਿਆ..!

ਆਪਣਾ ਪਣ ਅਸਰ ਕਰ ਗਿਆ..ਉਸਨੇ ਪਹਿਲੋਂ ਭੁੰਝੇ ਪਈ ਰੋਟੀ ਸੁੰਘੀ..ਮਰੇ ਪਏ ਪੁੱਤ ਵੱਲ ਵੇਖਿਆ ਤੇ ਫੇਰ ਉਹ ਸਿਰ ਉਤਾਂਹ ਨੂੰ ਚੁੱਕ ਕੇ ਇੱਕ ਵੇਰ ਫੇਰ ਜ਼ੋਰ ਦੀ ਭੌਂਕੀ..ਸ਼ਾਇਦ ਆਖ ਰਹੀ ਸੀ..ਜਾ ਰੱਬਾ ਤੈਨੂੰ ਮੁਆਫ ਕੀਤਾ..ਫੇਰ ਰੋਟੀ ਚੁੱਕ ਕੋਲ ਖਤਾਨਾਂ ਵੱਲ ਨੂੰ ਹੋ ਤੁਰੀ..ਸ਼ਾਇਦ ਭੁੱਖਣ ਭਾਣੇ ਹੋਰ ਕਿੰਨੇ ਸਾਰੇ ਕਤੂਰੇ ਮਾਂ ਨੂੰ ਉਡੀਕ ਰਹੇ ਸਨ..!

ਭਾਈ ਰਾਜੀਵ ਸਿੰਘ ਰੰਧਾਵਾ ਦੱਸਦੇ ਕੇ ਕੇਰਾਂ ਭਾਈ ਜਸਵੰਤ ਸਿੰਘ ਖਾਲੜਾ ਨਾਲ ਝਬਾਲ ਵੱਲੋਂ ਅੰਮ੍ਰਿਤਸਰ ਵਾਪਿਸ ਪਰਤ ਰਹੇ ਸਾਂ..ਰਾਹ ਵਿਚ ਠਾਣੇ ਸਾਮਣੇ ਇੱਕ ਮਾਈ ਮਿਲੀ..ਖਿੱਲਰੇ ਵਾਲ ਬੁਰੀ ਹਾਲਤ..!
ਉਹ ਕੋਲੋਂ ਲੰਘਦੇ ਹਰੇਕ ਵਰਦੀ ਵਾਲੇ ਨੂੰ ਮੰਦਾ ਚੰਗਾ ਆਖ ਰਹੀ ਸੀ..!

ਕੋਲ ਰੇਹੜੀ ਵਾਲੇ ਨੇ ਦੱਸਿਆ ਕੇ ਲਾਗਲੇ ਪਿੰਡ ਦੀ ਹੈ..ਪਹਿਲੋਂ ਘਰਵਾਲਾ ਤੇ ਵੱਡਾ ਪੁੱਤ ਮੁਕਾ ਦਿੱਤਾ ਸੀ ਤੇ ਪਿਛਲੇ ਹਫਤੇ ਰਹਿ ਗਏ ਇੱਕੋ ਇੱਕ ਪੁੱਤ ਦਾ ਵੀ ਮੁਕਾਬਲਾ ਬਣਾ ਦਿੱਤਾ..!

ਉਹ ਕਰਮਾਂ ਮਾਰੀ ਤੇ ਭਾਵੇਂ ਓਥੇ ਸੜਕ ਤੇ ਹੀ ਖਲੋਤੀ ਰਹੀ..ਪਰ ਉਸ ਦਿਨ ਮਗਰੋਂ ਭਾਈ ਸਾਬ ਨੇ ਆਪਣੀ ਮੁਹਾਰ ਮਾਝੇ ਦੀਆਂ ਮੜੀਆਂ ਸਿਵਿਆਂ ਵੱਲ ਨੂੰ ਮੋੜ ਲਈ..ਅਣਗਿਣਤ ਬੇ-ਹਿਸਾਬੀਆਂ ਦੇ ਵਹੀ ਖਾਤੇ ਫਰੋਲਣ ਲਈ!

ਅੱਜ ਸਿਸਟਮ ਨੂੰ ਉਸ ਯੋਧੇ ਤੇ ਬਣੀ ਫਿਲਮ ਤੀਕਰ ਵੀ ਮਨਜੂਰ ਨਹੀਂ..ਇੱਕ ਸੌ ਵੀਹ ਸੋਧਾਂ ਤੇ ਕੱਟ..ਮੁਖ ਪਾਤਰ ਦਾ ਨਾਮ..ਤਰਨਤਾਰਨ ਜਿਲੇ ਦਾ ਹਵਾਲਾ..ਹੋਰ ਵੀ ਕਿੰਨਾ ਕੁਝ ਮਨਜੂਰ ਨਹੀਂ..ਕਿਓੰਕੇ ਅਸੀਂ ਸ਼ਰੇਆਮ ਮਾਰਨਾ ਵੀ ਹੈ ਤੇ ਮੁਕਾ ਦਿੱਤਿਆਂ ਨੂੰ ਯਾਦ ਵੀ ਨਹੀਂ ਕਰਨ ਦੇਣਾ..ਸਾਡੇ ਲੋਕਤੰਤਰ ਦੀ ਬੱਸ ਏਹੀ ਪਰਿਭਾਸ਼ਾ ਏ!


ਹਰਪ੍ਰੀਤ ਸਿੰਘ ਜਵੰਦਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਸ਼ਾ ਛੁਡਾਊ ਕੇਂਦਰ ਜਾਣ ਦਾ ਸਬੱਬ ਬਣਿਆ..ਸਰਦੇ ਪੁੱਜਦੇ ਘਰ ਦਾ ਨੌਜੁਆਨ..ਇਥੇ ਤੀਜੀ ਵੇਰ ਭਰਤੀ ਹੋਇਆ ਸੀ..ਪੁ...
09/26/2024

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਸ਼ਾ ਛੁਡਾਊ ਕੇਂਦਰ ਜਾਣ ਦਾ ਸਬੱਬ ਬਣਿਆ..ਸਰਦੇ ਪੁੱਜਦੇ ਘਰ ਦਾ ਨੌਜੁਆਨ..ਇਥੇ ਤੀਜੀ ਵੇਰ ਭਰਤੀ ਹੋਇਆ ਸੀ..ਪੁੱਛਿਆ ਵਾਰ ਵਾਰ ਕਿਓਂ ਆਉਣਾ ਪੈਂਦਾ?

ਆਖਣ ਲੱਗਾ ਜਦੋਂ ਤੀਕਰ ਤੇ ਮੈਂ ਇਥੇ ਹੁੰਦਾ..ਬਾਬਾ ਬੰਦਾ ਸਿੰਘ ਬਹਾਦੁਰ..ਬਾਬਾ ਦੀਪ ਸਿੰਘ..ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬੋਤਾ ਸਿੰਘ ਗਰਜਾ ਸਿੰਘ ਸੁੱਖਾ ਸਿੰਘ ਮਹਿਤਾਬ ਸਿੰਘ ਅਤੇ ਦਸਮ ਪਿਤਾ ਦੇ ਜ਼ਫ਼ਰਨਾਮੇ ਦੀ ਗੱਲਬਾਤ ਹੁੰਦੀ ਰਹਿੰਦੀ..ਅੰਦਰ ਇੱਕ ਜੋਸ਼ ਭਰ ਜਾਂਦਾ..ਲੂ ਕੰਢੇ ਖੜੇ ਹੋ ਜਾਂਦੇ..ਮਨ ਵੈਰਾਗ ਵਿੱਚ ਆ ਜਾਂਦਾ..ਕਾਸ਼ ਮੈਂ ਵੀ ਉਸ ਵੇਲੇ ਦਾ ਸਮਕਾਲੀਨ ਹੁੰਦਾ..ਇਥੇ ਨਸ਼ੇ ਦਾ ਚਿੱਤ ਚੇਤਾ ਵੀ ਨਹੀਂ ਰਹਿੰਦਾ..!

ਪਰ ਜਦੋਂ ਮੈਨੂੰ ਠੀਕ ਸਮਝ ਘਰੇ ਲੈ ਜਾਂਦੇ ਤਾਂ ਓਹੀ ਗਦੀ ਗੇੜ..ਕਾਰੋਬਾਰ..ਲੜਾਈ ਝਗੜੇ..ਚੁਗਲੀ ਨਿੰਦਿਆ..ਸਿਆਸਤਾਂ..ਰਿਸ਼ਤੇਦਾਰੀ..ਓਥੇ ਮੈਨੂੰ ਕੋਈ ਵੀ ਇਥੋਂ ਵਰਗੀਆਂ ਸਾਖੀਆਂ ਅਤੇ ਬਿਰਤਾਂਤ ਨਹੀਂ ਸੁਣਾਉਂਦਾ..ਨਾ ਹੀ ਕਿਸੇ ਕੋਲ ਟਾਈਮ ਹੀ ਹੈ..ਹੌਲੀ ਹੌਲੀ ਅੰਦਰ ਦਾ ਖਾਲੀ ਪਣ ਵਧਦਾ ਜਾਂਦਾ..ਪਾਗਲ ਹੋਣ ਦੀ ਕਗਾਰ ਤਕ ਅੱਪੜ ਜਾਂਦਾ ਹਾਂ ਤਾਂ ਮੈਨੂੰ ਕਿਸੇ ਵੇਲੇ ਦੂਰ ਨੱਸ ਗਿਆ ਨਸ਼ਾ ਦਿਸਦਾ..ਸੈਨਤਾਂ ਮਾਰਦਾ ਹੋਇਆ..ਏਨੀ ਗੱਲ ਆਖਦਾ ਹੋਇਆ..ਆ ਮੇਰੀ ਬੁੱਕਲ ਵਿੱਚ ਆਜਾ..ਮੈਂ ਤੈਨੂੰ ਇਸ ਸਭ ਕੁਝ ਤੋਂ ਪਰੇ ਲੈ ਜਾਵਾਂਗਾ..ਫੇਰ ਮੇਰੇ ਕੋਲ ਹੋਰ ਕੋਈ ਵੀ ਰਾਹ ਨਹੀਂ ਹੁੰਦਾ..!

ਓਥੋਂ ਪਰਤਦੇ ਹੋਏ ਦੀਆਂ ਅੱਖਾਂ ਅੱਗੇ ਸਵਾਲ ਹੀ ਘੁੰਮੀਂ ਜਾ ਰਹੇ ਸਨ..ਆਪਣੇ ਪਣ ਦੀ ਬੁੱਕਲ..ਵਿਲੱਖਣ ਇਤਿਹਾਸ ਦੀਆਂ ਬਾਤਾਂ ਪਉਂਦੀਆਂ ਨਾਨੀਆਂ ਦਾਦੀਆਂ..ਅਤੀਤ ਵਰਤਮਾਨ ਦੇ ਸ਼ਹੀਦਾਂ ਦੀਆਂ ਸਾਖੀਆਂ ਸੁਣਾਉਂਦੀ ਰਸਨਾ ਅਤੇ ਨਿਰੋਲ ਸਾਰਥਿਕ ਘਰੇਲੂ ਮਾਹੌਲ..!

ਫੇਰ ਸੋਚ ਆਉਂਦੀ ਜਿਹਨਾਂ ਇਹ ਸਭ ਕੁਝ ਸਿਰਜਣ ਲਈ ਵਕਤੀ ਤੌਰ ਤੇ ਕੋਈ ਹੰਭਲਾ ਮਾਰਿਆ..ਉਹ ਤਾਂ ਜੇਲ ਕਾਲੇ ਪਾਣੀਆਂ ਅਤੇ ਡਿਬ੍ਰੂਗੜ ਦੇ ਬੰਦੀ ਬਣਾ ਦਿੱਤੇ ਗਏ ਅਤੇ ਜਿਹਨਾਂ ਦਾ ਏਜੰਡਾ ਸਿਰਫ ਤੇ ਸਿਰਫ ਨੌਜੁਆਨੀ ਨੂੰ ਇਸ ਸ਼ਾਨਾਮੱਤੇ ਇਤਿਹਾਸ ਤੋਂ ਕੋਹਾਂ ਦੂਰ ਕਰ ਨਸ਼ੇੜੀਆਂ ਦੇ ਡੇਰਿਆਂ ਨਾਲ ਜੋੜਨਾ..ਸਿਸਟਮ ਓਹਨਾ ਦੀ ਪੁਸ਼ਤਪਨਾਹੀ ਲਈ ਪੱਬਾਂ ਭਾਰ ਹੋਇਆ ਪਿਆ..!

ਅਤੀਤ ਵਰਤਮਾਨ ਦੇ ਸ਼ਹੀਦਾਂ ਦੀਆਂ ਸਾਖੀਆਂ ਅਤੇ ਸੁਨਹਿਰੀ ਇਤਿਹਾਸਿਕ ਬਿਰਤਾਂਤ ਸੁਣਾਉਂਦੀ ਇੱਕ ਨਿੱਘੀ ਬੁੱਕਲ ਘਰਾਂ ਦੀ ਚਾਰ ਦੀਵਾਰੀ ਅੰਦਰ ਹੀ ਸਿਰਜਣੀ ਪੈਣੀ..ਇਸ ਲਈ ਭਾਵੇਂ ਕੁਝ ਕੂ ਕੀਮਤੀ ਕਾਰੋਬਾਰੀ ਘੰਟੇ ਵੀ ਦਾਅ ਤੇ ਕਿਓਂ ਨਾ ਲਾਉਣੇ ਪੈ ਜਾਣ!

(ਧੰਨਵਾਦ ਸਾਹਿਤ..ਸੁਰਿੰਦਰ ਸਿੰਘ ਟਾਕਿੰਗ ਪੰਜਾਬ)
ਹਰਪ੍ਰੀਤ ਸਿੰਘ ਜਵੰਦਾ

Address

Headingley, MB

Website

Alerts

Be the first to know and let us send you an email when Harpreet Singh Jawanda Winnipeg Realty & Appraisal Co. posts news and promotions. Your email address will not be used for any other purpose, and you can unsubscribe at any time.

Share

Category