21/05/2025
*ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫ਼ੂਕਿਆ ਗਿਆ।
*ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਦੀ ਪਤਨੀ ਅਤੇ ਨੰਨੀ ਬੱਚੀ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈਣ ਦਾ ਤਿੱਖਾ ਵਿਰੋਧ*
ਮੋਗਾ ,ਬਾਘਾਪੁਰਾਣਾ 21 ਮਈ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਜਲੰਧਰ, ਕਪੂਰਥਲਾ, ਗੁਰਦਾਸਪੁਰ, ਲੁਧਿਆਣਾ,ਮੋਗਾ ਸਮੇਤ ਪੰਜਾਬ ਭਰ ਵਿੱਚ ਮੁੱਖ ਮੰਤਰੀ
ਭਗਵੰਤ ਮਾਨ ਦੇ ਪੁਤਲੇ ਸਾੜ ਕੇ ਸੂਬਾ ਸਰਕਾਰ ਦੇ ਇਸ਼ਾਰੇ ਉੱਤੇ ਬੁਖਲਾਹਟ ਵਿੱਚ ਆ ਕੇ ਪੁਲਿਸ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਜਨਰਲ ਸਕੱਤਰ ਗੁਰਵਿੰਦਰ ਬੋੜਾ ਦੀ ਪਤਨੀ ਅਤੇ ਕਮੇਟੀ ਆਗੂ ਧਰਮਵੀਰ ਹਰੀਗੜ੍ਹ ਦੀ ਪਤਨੀ ਤੇ ਨੰਨੀ ਬੱਚੀ ਤੱਕ ਨੂੰ ਹਿਰਾਸਤ ਵਿੱਚ ਲੈਣ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜਿਲ੍ਹਾ ਜਲੰਧਰ ਦੇ ਪ੍ਰਧਾਨ ਹੰਸ ਰਾਜ ਪੱਬਵਾਂ ਸਮੇਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ 500 ਤੋਂ ਵੱਧ ਪਿੰਡ ਪੱਧਰੀ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਵਿਰੋਧ ਕੀਤਾ ਗਿਆ।
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੰਗਾ ਸਿੰਘ ਵੈਰੋਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ, ਜਸਮੇਲ ਸਿੰਘ ਰਾਜਿਆਣਾ, ਨੌਜਵਾਨ ਭਾਰਤ ਸਭਾ ਦੇ ਕਰਮਜੀਤ ਮਾਣੂੰਕੇ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਜੀਦ ਦੇ ਰਾਜੇ ਦੀ ਬੀੜ ਐਸਵਾਨ ਸੰਗਰੂਰ ਸਥਿਤ ਬੇਚਿਰਾਗ ਪਿੰਡ ਵਿਖੇ 927 ਏਕੜ ਜ਼ਮੀਨ ਚ ਬੇਗਮਪੁਰਾ ਵਸਾਉਣ ਦਾ ਐਲਾਨ ਕੀਤਾ ਗਿਆ ਸੀ।
ਭਗਵੰਤ ਮਾਨ ਸਰਕਾਰ ਨੇ ਬੁਖਲਾਹਟ ਵਿੱਚ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਜਨਰਲ ਸਕੱਤਰ ਗੁਰਵਿੰਦਰ ਬੋੜਾ ਦੀ ਪਤਨੀ ਅਤੇ ਕਮੇਟੀ ਆਗੂ ਧਰਮਵੀਰ ਹਰੀਗੜ੍ਹ ਦੀ ਪਤਨੀ ਤੇ ਨੰਨੀ ਬੱਚੀ ਤੱਕ ਨੂੰ ਪਟਿਆਲਾ ਪੁਲਿਸ ਰਾਹੀਂ ਹਿਰਾਸਤ ਵਿੱਚ ਲੈਣ ਲੱਗੇ ਭੋਰਾ ਸ਼ਰਮ ਤੱਕ ਮਹਿਸੂਸ ਨਹੀਂ ਕੀਤੀ। ਜਥੇਬੰਦੀ ਇਸਦੀ ਤਿੱਖੇ ਸ਼ਬਦਾਂ ਚ ਨਿੰਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਬੇਜ਼ਮੀਨੇ ਦਲਿਤਾਂ,ਮਜ਼ਦੂਰਾਂ ਨੂੰ ਬੀੜ ਐਸਵਾਨ 'ਚ ਬੇਗ਼ਮਪੁਰਾ ਵਸਾਉਣ ਤੋਂ ਰੋਕਣ ਲਈ ਪਿਛਲੇ ਤਿੰਨ ਦਿਨ ਤੋਂ ਪੰਜਾਬ ਨੂੰ ਪੂਰੀ ਤਰ੍ਹਾਂ ਪੁਲਿਸ ਰਾਜ ਵਿੱਚ ਤਬਦੀਲ ਕਰਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ,ਇਸਤਰੀ ਜਾਗ੍ਰਿਤੀ ਮੰਚ ਦੇ ਆਗੂਆਂ ਦੀਆਂ ਗ੍ਰਿਫ਼ਤਾਰੀਆਂ, ਘਰਾਂ ਵਿੱਚ ਛਾਪੇਮਾਰੀਆਂ ਕੀਤੀਆਂ ਗਈਆਂ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਹੰਸ ਰਾਜ ਪੱਬਵਾਂ, ਸਮੇਤ 100 ਤੋਂ ਵੱਧ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿੰਡ ਪੱਧਰੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ। ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਬੀੜ ਐਸਵਾਨ ਜਾ ਰਹੇ ਮਜ਼ਦੂਰਾਂ ਦੇ ਕਾਫ਼ਲਿਆਂ ਨੂੰ ਸ਼ੜਕਾਂ ਵਿੱਚ ਮਿੱਟੀ ਦੇ ਭਰੇ ਟਿੱਪਰ ਲਗਾ ਕੇ ਰੋਕ ਕੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਉਨ੍ਹਾਂ ਕਿਹਾ ਕਿ ਅਸਲ ਵਿੱਚ ਬੀੜ ਐਸਵਾਨ ਵਾਲੀ ਜ਼ਮੀਨ ਉੱਪਰ ਪੇਂਡੂ ਧਨਾਢਾਂ, ਅਫ਼ਸ਼ਰਸ਼ਾਹੀ ਅਤੇ ਸਿਆਸਤਦਾਨਾਂ ਦਾ ਗੱਠਜੋੜ ਅੱਖ ਟਿਕਾਈ ਬੈਠਾ ਹੈ।
ਪੇਂਡੂ ਮਜ਼ਦੂਰ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਦਲਿਤ ਮਜ਼ਦੂਰਾਂ, ਦਲਿਤਾਂ ਦਾ ਬੇਚਿਰਾਗ ਪਿੰਡਾਂ ਵਿੱਚ ਰਾਜਿਆਂ, ਸਰਦਾਰਾਂ ਦੀਆਂ ਜ਼ਮੀਨਾਂ ਵਿੱਚ ਬਣਦਾ ਜ਼ਮੀਨੀਂ ਹੱਕ ਮਾਰਨ ਚਲਾਏ ਦਮਨ ਚੱਕਰ ਨੇ ਪਹਿਲੀਆਂ ਸਰਕਾਰਾਂ ਨੂੰ ਵੀ ਮਾਤ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ ਵਿਰੋਧੀ ਅਤੇ ਪੇਂਡੂ ਧਨਾਢਾਂ, ਜਾਗੀਰਦਾਰਾਂ ਅਤੇ ਕਾਰਪੋਰੇਟ ਪੱਖੀ ਨੀਤੀਆਂ ਉੱਪਰ ਚੱਲ ਰਹੀ ਹੈ। ਸਰਕਾਰ ਦੇ ਜ਼ਬਰ ਨੂੰ ਚੁੱਪ ਕਰਕੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਇਸਦਾ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।
ਕੈਪਸਨ: ਮੁੱਖ ਮੰਤਰੀ ਦਾ ਪੁਤਲਾ ਸਾੜਨ ਮੌਕੇ ਨਾਅਰੇਬਾਜ਼ੀ ਕਰਦੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ
ਜਾਰੀ ਕਰਤਾ,
ਮੰਗਾ ਸਿੰਘ ਵੈਰੋਕੇ